ਸਾਲਾਨਾ ਖੇਡ ਮੇਲੇ ਦਾ ਆਯੋਜਨ
ਸ੍ਰੀ ਗੁਰੂ ਅੰਗਦ ਦੇਵ ਕਾਲਜ ਆਫ਼ ਐਜੂਕੇਸ਼ਨ, ਖਡੂਰ ਸਾਹਿਬ ਵਿਖੇ ਸਾਲਾਨਾ ਖੇਡ ਮੇਲੇ ਦਾ ਆਯੋਜਨ
ਸ੍ਰੀ ਗੁਰੂ ਅੰਗਦ ਦੇਵ ਕਾਲਜ ਆਫ਼ ਐਜੂਕੇਸ਼ਨ, ਖਡੂਰ ਸਾਹਿਬ ਜੋ ਕਿ ਬਾਬਾ ਸੇਵਾ ਸਿੰਘ ਜੀ ਦੀ ਸਰਪ੍ਰਸਤੀ ਹੇਠ ਸਿੱਖਿਆ ਦੇ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਿਹਾ ਹੈ,ਵਿਖੇ ਸਮੇਂ-ਸਮੇਂ ਤੇ ਵੱਖ-ਵੱਖ ਵਿੱਦਿਅਕ ਅਤੇ ਸਹਿ-ਵਿੱਦਿਅਕ ਕਿਰਿਆਵਾਂ ਕਰਵਾਈਆਂ ਜਾਂਦੀਆਂ ਹਨ। ਇਸ ਰਵਾਇਤ ਨੂੰ ਬਰਕਰਾਰ ਰੱਖਦੇ ਹੋਏ ‘ਸਾਲਾਨਾ ਖੇਡ ਮੇਲਾ- 2023’ ਸੰਸਥਾ ਦੇ ‘ਹੈਲਥ ਅਤੇ ਫਿਜ਼ੀਕਲ ਐਜੂਕੇਸ਼ਨ ਰਿਸੋਰਸ ਸੈਂਟਰ’ ਵੱਲੋਂ ਸ. ਰਮਣੀਕ ਸਿੰਘ (ਡੀ.ਪੀ.ਈ), ਅਸਿਸ. ਪ੍ਰੋ. ਅਰਜਿੰਦਰ ਕੌਰ ਅਤੇ ਅਸਿਸ. ਪ੍ਰੋ. ਰੇਨੂੰ ਬਾਲਾ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ। ਇਸ ਖੇਡ ਮੇਲੇ ਵਿੱਚ ਸ. ਗੁਰਦਿਆਲ ਸਿੰਘ ਖਹਿਰਾ (ਕੈਨੇਡਾ) ਡਿਪਟੀ ਚੀਫ਼ ਇੰਜੀਨੀਅਰ ਰਿਟਾਇਰਡ (ਪੰਜਾਬ ਰਾਜ ਬਿਜਲੀ ਬੋਰਡ) ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ । ਪ੍ਰਬੰਧਕੀ ਕਮੇਟੀ ਦੇ ਮੈਂਬਰ ਸਾਹਿਬਾਨ ਅਤੇ ਕਾਲਜ ਦੇ ਪ੍ਰਿੰਸੀਪਲ ਡਾ. ਸਿਮਰਪ੍ਰੀਤ ਕੌਰ ਜੀ ਨੇ ਮੁੱਖ ਮਹਿਮਾਨ ਦਾ ਸੰਸਥਾ ਵੱਲੋਂ ਸਵਾਗਤ ਕੀਤਾ। ਪ੍ਰੋਗਰਾਮ ਦਾ ਆਰੰਭ ਕਰਨ ਤੋਂ ਪਹਿਲਾਂ ਨਿਸ਼ਾਨ-ਏ-ਸਿੱਖੀ ਰਿਲੀਜੀਅਸ ਸਟੱਡੀਜ਼, ਖਡੂਰ ਸਾਹਿਬ ਦੇ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਕੀਤਾ ਗਿਆ। ਇਸ ਦੇ ਉਪਰੰਤ ਮੁੱਖ ਮਹਿਮਾਨ ਦੁਆਰਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਸੰਸਥਾ ਦੇ ਚਾਰ ਹਾਊਸ ਸ਼ਹੀਦ ਬਾਬਾ ਦੀਪ ਸਿੰਘ ਜੀ ਹਾਊਸ, ਸ਼ਹੀਦ ਭਗਤ ਸਿੰਘ ਹਾਊਸ, ਸ਼ਹੀਦ ਊਧਮ ਸਿੰਘ ਹਾਊਸ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਹਾਊਸ ਨੇ ਬੜੇ ਸ਼ਾਨਦਾਰ ਤਰੀਕੇ ਨਾਲ ਮਾਰਚ ਪਾਸਟ ਕੀਤਾ। ਮਾਰਚ ਪਾਸਟ ਤੋਂ ਬਾਅਦ ਖੇਡਾਂ ਦਾ ਰਸਮੀ ਉਦਘਾਟਨ ਕੀਤਾ ਗਿਆ। ਮੁੱਖ ਮਹਿਮਾਨ ਸ. ਗੁਰਦਿਆਲ ਸਿੰਘ ਖਹਿਰਾ ਜੀ ਨੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦੇ ਹੋਏ ਕਿਹਾ ਕਿ ਖੇਡਾਂ ਟੀਮ ਭਾਵਨਾ ਨਾਲ ਖੇਡੀਆਂ ਜਾਣੀਆਂ ਚਾਹੀਦੀਆਂ ਹਨ, ਜਿਸ ਨਾਲ ਖਿਡਾਰੀ ਇਕਜੁੱਟਤਾ ਤੇ ਸਹਿਯੋਗ ਆਦਿ ਗੁਣ ਸਹਿਜੇ ਸਿੱਖ ਜਾਂਦੇ ਹਨ। ਅਨੁਸ਼ਾਸਨ ਵਿੱਚ ਰਹਿਣਾ ਖਿਡਾਰੀ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਹੈ, ਜਿਸ ਦਾ ਲਾਭ ਉਨ੍ਹਾਂ ਨੂੰ ਜ਼ਿੰਦਗੀ ਦੇ ਹਰ ਮੁਕਾਮ ‘ਤੇ ਮਿਲਦਾ ਹੈ। ਇਸ ਮੌਕੇ ਤੇ ਸ. ਗੁਰਸ਼ਰਨ ਸਿੰਘ ਰੰਧਾਵਾ ਜੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਖੇਡਾਂ ਮਨ ਵਿੱਚ ਟਿਕਾਅ ਤੇ ਇਕਾਗਰਤਾ ਪੈਦਾ ਕਰਦੀਆਂ ਹਨ। ਖੇਡਾਂ ਨਾਲ ਅਨੁਸ਼ਾਸਨ ਅਤੇ ਭਾਈਚਾਰੇ ਦੀ ਭਾਵਨਾ ਵੀ ਵੱਧਦੀ ਹੈ। ਇਹ ਜਿੱਤ-ਹਾਰ ਦਾ ਸਾਹਮਣਾ ਕਰਨ ਦੀ ਸ਼ਕਤੀ ਵੀ ਪ੍ਰਦਾਨ ਕਰਦੀਆਂ ਹਨ ।ਇਸ ਖੇਡ ਮੇਲੇ ਵਿੱਚ ਸੰਸਥਾ ਦੇ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਵਿਦਿਆਰਥੀਆਂ ਨੇ ਖੇਡ ਭਾਵਨਾ ਦਿਖਾਉਂਦੇ ਹੋਏ ਉਤਸ਼ਾਹ, ਜੋਸ਼ ਤੇ ਲਗਨ ਨਾਲ ਆਪਣੀ ਖੇਡ ਦਾ ਪ੍ਰਦਰਸ਼ਨ ਕੀਤਾ। ਇਸ ਖੇਡ ਮੇਲੇ ਵਿੱਚ ‘ਸਰਵੋਤਮ ਹਾਊਸ’ ਦੀ ਟਰਾਫ਼ੀ ਪਹਿਲੇ ਹਾਊਸ ‘ਬਾਬਾ ਦੀਪ ਸਿੰਘ ਜੀ ਹਾਊਸ’ ਨੇ ਜਿੱਤੀ। ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਲੜਕੀਆਂ ਵਿੱਚੋਂ ‘ਸਰਵੋਤਮ ਐਥਲੀਟ’ ਡੀ.ਐੱਲ.ਐੱਡ. ਭਾਗ ਦੂਜਾ ਦੀ ਵਿਦਿਆਰਥਣ ਹਰਪ੍ਰੀਤ ਕੌਰ ਰਹੀ ਅਤੇ ਲੜਕਿਆਂ ਵਿੱਚ ਸਰਵੋਤਮ ਐਥਲੀਟ ਡੀ.ਐੱਲ.ਐੱਡ. ਭਾਗ ਦੂਜਾ ਦਾ ਵਿਦਿਆਰਥੀ ਬਿਕਰਮਜੀਤ ਸਿੰਘ ਰਿਹਾ। ਮਾਰਚ ਪਾਸਟ ਦੀ ਜੱਜਮੈਂਟ ਸ. ਤਰਸੇਮ ਸਿੰਘ ਜੀ ਵੱਲੋਂ ਕੀਤੀ ਗਈ। ਖੇਡਾਂ ਵਿੱਚ ਜੇਤੂ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਸ. ਗੁਰਦਿਆਲ ਸਿੰਘ ਖਹਿਰਾ ਅਤੇ ਸਮਾਗਮ ਵਿੱਚ ਸ਼ਾਮਿਲ ਪਤਵੰਤੇ ਸੱਜਣਾ ਦੁਆਰਾ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਅੰਤ ਵਿੱਚ ਸੰਸਥਾ ਦੇ ਜਨਰਲ ਸਕੱਤਰ ਸ. ਹਰਨੰਦਨ ਸਿੰਘ ਜੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਖੇਡਾਂ ਸਾਡੇ ਜੀਵਨ ਦਾ ਅਹਿਮ ਅੰਗ ਹਨ ਅਤੇ ਇਹ ਸਾਡੀ ਸਖ਼ਸ਼ੀਅਤ ਉਸਾਰੀ ਵਿੱਚ ਇੱਕ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਖੇਡਾਂ ਵਿੱਚ ਭਾਗ ਲੈ ਕੇ ਆਪਣੇ-ਆਪ ਨੂੰ ਸਿਹਤਮੰਦ ਰੱਖਣਾ ਚਾਹੀਦਾ ਹੈ ਅਤੇ ਇੱਕ ਅਧਿਆਪਕ ਹੋਣ ਦੇ ਨਾਤੇ ਦੇਸ਼ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਣੀ ਚਾਹੀਦੀ ਹੈ। ਇਸ ਤੋਂ ਇਲਾਵਾ ਖੇਡ ਮੇਲੇ ਵਿੱਚ ਜੇਤੂ ਵਿਦਿਆਰਥੀਆਂ ਨੇ ਆਪਣੇ ਖੇਡ ਅਨੁਭਵ ਸਾਰਿਆਂ ਨਾਲ ਸਾਂਝੇ ਕੀਤੇ। ਮੰਚ ਸੰਚਾਲਨ ਦੀ ਭੂਮਿਕਾ ਅਸਿਸ. ਪ੍ਰੋ. ਮਨਦੀਪ ਕੌਰ ਵੱਲੋਂ ਬਾਖ਼ੂਬੀ ਨਿਭਾਈ ਗਈ ।ਇਸ ਸਮੇਂ ਬਾਬਾ ਸੇਵਾ ਸਿੰਘ ਜੀ ਨੇ ਉਚੇਚੇ ਤੌਰ ਤੇ ਸ਼ਮੂਲੀਅਤ ਕਰਕੇ ਵਿਦਿਆਰਥੀਆਂ ਅਤੇ ਸਟਾਫ਼ ਦੀ ਹੌਂਸਲਾ ਅਫ਼ਜ਼ਾਈ ਕੀਤੀ। ਇਸ ਮੌਕੇ ਤੇ ਬਾਬਾ ਲੱਖਾ ਸਿੰਘ ਜੀ, ਬਾਬਾ ਅਜੀਤ ਸਿੰਘ ਜੀ, ਭਾਈ ਪ੍ਰਤਾਪ ਸਿੰਘ, ਭਾਈ ਵਰਿਆਮ ਸਿੰਘ, ਸ. ਬਲਦੇਵ ਸਿੰਘ ਸੰਧੂ, ਸ. ਗੁਰਸ਼ਰਨ ਸਿੰਘ ਰੰਧਾਵਾ, ਡਾ. ਪਰਮਜੀਤ ਸਿੰਘ, ਸ. ਜਸਵੰਤ ਸਿੰਘ, ਸ. ਪ੍ਰਤਾਪ ਸਿੰਘ, ਸ. ਹਰੀ ਸਿੰਘ, ਸ. ਬਲਬੀਰ ਸਿੰਘ, ਸ. ਗੁਰਵਿੰਦਰਪਾਲ ਸਿੰਘ, ਭਾਈ ਸੰਮਾ ਸਿੰਘ, ਸ. ਜਸਵਿੰਦਰਪਾਲ ਸਿੰਘ, ਸ.ਹਰਦਿਆਲ ਸਿੰਘ, ਸ. ਮਹਿੰਦਰ ਸਿੰਘ, ਗਿਆਨੀ ਹਰਬੰਸ ਸਿੰਘ, ਸ. ਸਰੂਪ ਸਿੰਘ, ਸ੍ਰੀਮਤੀ ਮਨਜੀਤ ਕੌਰ ਖਹਿਰਾ, ਮੈਡਮ ਮਮਤਾ ਕੌਰ, ਮੈਡਮ ਪਰਮਿੰਦਰ ਕੌਰ ਅਤੇ ਮੈਡਮ ਰੁਪਿੰਦਰ ਕੌਰ ਸ਼ਾਮਿਲ ਹੋਏ।